Friday, August 13, 2010

***ਕੁੱਝ ਨਕਸ਼ ਉਲੀਕੇ ਸੀ ਜਿਉਣ ਖਾਤਿਰ , ਰਹਿਮਤ ਡਾਢੇ ਦੀ ,ਰੰਗ ਤਮਾਮ ਭਰ ਦਿੱਤੇ ***

ਜਰਨੈਲ ਘੁਮਾਣ ਤਸਵੀਰ ਜੁਲਾਈ 2010
**ਅੱਜ ਕੱਲ੍ਹ ਜ਼ਿਆਦਾਤਰ ਲੋਕੀ ਆਪਣਾ ਪਿਛੋਕੜ ਛੁਪਾ ਕੇ ਆਪਣੀ ਜਾਣ ਪਛਾਣ ਕਰਵਾਉਂਦੇ ਹਨ ਪਰੰਤੂ ਮੈਨੂੰ ਆਪਣਾ ਪਿਛੋਕੜ ਦੱਸ ਕੇ ਫਖ਼ਰ ਮਹਿਸੂਸ ਹੁੰਦਾ ਹੈ**


-  ਜਰਨੈਲ ਘੁਮਾਣ

********************************



ਭਲੇ ਲੋਕਾਂ ਨੇ ਐਵੀਂ ‘ਘੁਮਾਣ ’ਹੋਰੀਂ ,

ਬਿਨਾਂ ਗੱਲੋਂ ਵਾਧੂ ਬਦਨਾਮ ਕਰ ਦਿੱਤੇ ।



ਕਿਸੇ ਸ਼ਾਹ ਤੇ ਕਿਸੇ ਸਿਕੰਦਰ ਕਹਿ ਦਿੱਤਾ ,

ਇੱਕ ਇਨਸਾਨ ਦੇ ਕਈ ਕਈ ਨਾਮ ਧਰ ਦਿੱਤੇ ।



ਕਈਆਂ ਵੱਡੀਆਂ ਉਪਾਦੀਆਂ ਦੇ ਸਾਨੂੰ ,

ਸਾਡੀ ਸ਼ਾਨ ’ਚ ਸੋਹਲੇ ਸ਼ਰੇਆਮ ਪੜ੍ਹ ਦਿੱਤੇ ।



ਈਰਖਾਵਾਨ ਵੀ, ਹਟੇ ਨਾ ਕਦੀ ਪਿੱਛੇ ,

ਜਿੰਨੀ ਸਮਝ ਸੀ, ਉਤਨੇ ਇਲਜ਼ਾਮ ਮੜ੍ਹ ਦਿੱਤੇ ।



ਤਮੰਨਾ ਕੀਤੀ ਸੀ ,ਪਾਣੀ ਮਿਲ ਜਾਏ ਤੁਬਕਾ ,

ਸਾਕੀ ਮਿਲ ਗਿਆ , ਛਲਕਦੇ ਜਾਮ ਭਰ ਦਿੱਤੇ ।



ਭੁੱਖਿਆਂ ਢਿੱਡਾਂ ਨੂੰ, ਤਲਾਸ਼ ਸੀ ਟੁੱਕੜਿਆਂ ਦੀ ,

ਭੰਡਾਰ ਅੰਨ ਦੇ , ਖਜ਼ਾਨੇ ’ਚ ਦਾਮ ਭਰ ਦਿੱਤੇ ।



ਮਿਹਨਤਕਸ਼ਾ ਘਰ ਜਨਮੇ ਸਾਂ , ਕਰੀ ਮਿਹਨਤ ,

ਵਿੱਚ ਜ਼ਿੰਦਗੀ , ਸੁੱਖ-ਅਰਾਮ ਭਰ ਦਿੱਤੇ ।



ਕੁੱਝ ਨਕਸ਼ ਉਲੀਕੇ ਸੀ ਜਿਉਣ ਖਾਤਿਰ ,

ਰਹਿਮਤ ਡਾਢੇ ਦੀ ,ਰੰਗ ਤਮਾਮ ਭਰ ਦਿੱਤੇ ।



ਸ਼ਾਇਰੀ ਦੂਰ ਦੀ ਗੱਲ ,ਬਣ ਸ਼ਾਇਰ ਬਹਿ ਗਏ ,

ਥੋਡੇ ਪਿਆਰ ਨੇ, ਸ਼ਬਦ ਕਲਾਮ ਕਰ ਦਿੱਤੇ ।



- ਜਰਨੈਲ ਘੁਮਾਣ

Writer jarnail ghuman
E mail : ghuman5577@yahoo.com

Wednesday, August 11, 2010

ਲੋਕ ਪੀੜਾਂ ਨੂੰ ਪ੍ਰਨਾਇਆ ਸ਼ਾਇਰ -ਜਰਨੈਲ ਘੁਮਾਣ

*******************************************
                                                      - ਸੁਰਿੰਦਰ ਸਿੰਘ



ਸੱਚ ਦੀ ਸਰਦਲ ’ਤੇ ਨਤਮਸਤਕ ਹੁੰਦਿਆਂ ਜਦੋਂ ਵੀ ਮੈਂ ਆਪਣੇ ਚੌਗਿਰਦੇ ਵਿੱਚ ਵਾਪਰ ਰਹੇ ਵਰਤਾਰੇ ਨੂੰ ਘੋਖਦਾ ਹਾਂ ਤਾਂ ਮੈਂਨੂੰ ਇੰਝ ਮਹਿਸੂਸ ਹੁੰਦਾਂ ਹੈ ਕਿ ਹੱਥੀਂ ਕਿਰਤ ਕਰਨ ਵਾਲੇ ਮਿਹਨਤਕਸ਼ ਮਜਦੂਰਾਂ ,ਕਿਸਾਨਾਂ ਦੀ ਗੱਲ ਕਰਨ ਵਾਲੇ ਜਾਂ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਣ ਵਾਲੇ ਸਾਹਿਤਕਾਰ , ਕਲਮਕਾਰ ਜਾਂ ਕੋਈ ਹੋਰ ਕਲਾਕਾਰ ਵੱਡੀ ਭੀੜ ਵਿੱਚ ਟਾਵੇਂ , ਵਿਰਲੇ ਹੀ ਹਨ ਜਾਂ ਇੰਝ ਕਹਿ ਲਵੋ ਕਿ ਆਟੇ ’ਚ ਲੂਣ ਦੀ ਤਰ੍ਹਾਂ ਹਨ । ਲੋਕਾਂ ਦੇ ਦਰਦ ਦੀ ਗੱਲ ਸਹੀ ਮਾਅਨਿਆਂ ’ਚ ਉਹ ਹੀ ਕਰ ਸਕਦੇ ਹਨ ਜਿੰਨਾਂ ਨੇ ਇਹਨਾਂ ਵਰਗਾਂ ਦੀ ਤਕਲੀਫ਼ ਨੂੰ ਤਨ ’ਤੇ ਹੰਢਾਇਆ ਹੋਵੇ । ਪਾਸ਼ ਦੀ ਕਵਿਤਾ ਦੇ ਬੋਲ ਹਨ ‘ਜਿੰਨਾ ਨੇ ਤੱਕੀਆਂ ਨਹੀਂ ਕੋਠਿਆਂ ’ਤੇ ਸੁਕਦੀਆਂ ਸੁਨਿਹਰੀ ਛੱਲੀਆਂ , ਉਹ ਕਦੇ ਨਹੀਂ ਸਮਝਣ ਲੱਗੇ ਮੰਡੀ ’ਚ ਰੁਲਦੇ ’ਚ ਭਾਅ ।

ਜਰਨੈਲ ਘੁਮਾਣ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਸਥਾਪਿਤ ਨਾਂ ਹੈ ।

 ਉਸਨੇ ਆਪਣੀ ਕਲਮ ਮੂੰਹੋ ਫੁੱਟੇ ਸ਼ਬਦਾਂ ਨੂੰ ਅਜਿਹੀ ਲੜੀ ਵਿੱਚ ਪਰੋਇਆ ਹੈ ਜਿਸਤੋਂ ਸਪੱਸ਼ਟ ਝਲਕ ਮਿਲਦੀ ਹੈ ਕਿ ਉਹ ਲੋਕਾਂ ਦੇ ਦਰਦ ਦੀ ਗੱਲ ਕਰਦਾ ਕਰਦਾ , ਆਪਣੇ ਲੋਕਾਂ ਦੇ ਬਹੁਤ ਨੇੜੇ ਹੋ ਕੇ ਸਾਹਿਤ ਸਿਰਜਨਾ ਕਰਨ ਵਾਲਾ ਪ੍ਰਤੀਬੱਧ ਸ਼ਾਇਰ ਹੈ । ਪਰਖ ਦੀ ਕਸਵੱਟੀ ’ਤੇ ਪਰਖੀਏ ਤਾਂ ਉਹ ਲੋਕ ਪੀੜਾਂ ਨੂੰ ਪ੍ਰਨਾਇਆ ਹੋਇਆ ਸ਼ਾਇਰ ਹੈ ।


ਫੁਰਸਤ ਦੇ ਪਲਾਂ ਵਿੱਚ ਜਦੋਂ ਵੀ ਮੈਂ ਜਰਨੈਲ ਘੁਮਾਣ ਨੂੰ ਵਿਚਾਰਾਂ ਦੀ ਕਸਵੱਟੀ ’ਤੇ ਪਰਖਣ ਦੀ ਕੋਸ਼ਿਸ ਕਰਦਾ ਹਾਂ ਤਾਂ ਉਸਦੇ ਅੰਦਰ ਸਮੋਇਆ ਲੋਕਾਂ ਦਾ ਦਰਦ ਆਪ ਮੁਹਾਰੇ ਬੁਲ੍ਹਾਂ ’ਤੇ ਆਉਣ ਨਾਲ ਉਸਦਾ ਮਿਹਨਤਕਸ਼ ਜਮਾਤ ਨਾਲ ਅੰਤਾਂ ਦਾ ਮੋਹ ਡੁੱਲ੍ਹ ਡੁੱਲ੍ਹ ਪੈਂਦਾਂ ਹੈ । ਜਿਸਨੂੰ ਉਸਨੇ ਆਪਣੀਆਂ ਰਚਨਾਵਾਂ ਵਿੱਚ ਬਾਖੂਬੀ ਨਿਭਾਇਆ ਹੈ , ਜਿਸਦੀ ਮੈਨੂੰ ਅਤਿਅੰਤ ਖੁਸ਼ੀ ਹੈ । ‘ਅਧੂਰਾ ਖ਼ੁਆਬ’ ਜਰਨੈਲ ਘੁਮਾਣ ਦੀ ਪਲੇਠੀ ‘ਕਾਵਿ ਪੁਸਤਕ’ ਹੈ । ਇਸਨੂੰ ਪੜ੍ਹਦਿਆਂ ਲੋਕਾਂ ਦੇ ਦਰਦ ਦੀ ਗੱਲ ਕਰਨ ਦੇ ਸਲੀਕੇ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ । ਉਸਦੀਾਂ ਰਚਨਾਵਾਂ ਨੂੰ ਪੜਦਿਆਂ ਅਹਿਸਾਸ ਹੁੰਦਾ ਹੈ ਕਿ ਜਿਵੇਂ ਜਰਨੈਲ ਘੁਮਾਣ ਦੇ ਜਿਹਨ ਵਿੱਚ ਇਨਕਲਾਬੀ ਸਪਿਰਟ ਅੰਗੜਾਈਆਂ ਭਰ ਰਹੀ ਹੋਵੇ ਤੇ ਉਹ ਆਪਣੇ ਲੋਕਾਂ ਨੂੰ ਸ਼ਰਮਾਏਦਾਰੀ ਸਿਸਟਮ ਦੇ ਚੰਦਰੇ ਮਨਸੂਬਿਆਂ ਤੋਂ ਸੁਚੇਤ ਕਰਨ ਲਈ ਆਪਣੀਆਂ ਰਚਨਾਵਾਂ ਨੂੰ ਇੱਕ ਹਥਿਆਰ ਵਜੋਂ ਵਰਤਨ ਦੀ ਕੋਸ਼ਿਸ ਕਰਦਾ ਹੈ । ਸ਼ਾਇਰ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਹੈ ਕਿ ਸ਼ਰਮਾਏਦਾਰੀ ਸਿਸਟਮ ਵਿੱਚ ਇੱਕ ਵਰਗ ਅਜਿਹਾ ਹੈ ਜੋ ਕਿ ਹੱਥੀਂ ਹੱਡ ਭੰਨਵੀਂ ਮਿਹਨਤ ਕਰਕੇ ਵੀ ਇੱਕ ਡੰਗ ਦੀ ਰੋਟੀ ਤੋਂ ਮੁਹਤਾਜ ਹੈ ਤੇ ਦੂਸਰੇ ਪਾਸੇ ਇਸ ਵਰਗ ਦਾ ਖੂਨ ਪੀ ਰਹੇ ਮੁੱਠੀ ਭਰ ਸ਼ਰਮਾਏਦਾਰਾਂ ਦਾ ਟੋਲਾ ਹੈ ,ਜਿੰਨਾਂ ਦੇ ਕੁੱਤੇ ਵੀ ਬਿਸਕੁਟ ਖਾਂਦੇ ਹਨ । ਇਸ ਤਰਾਸਦੀ ਨੂੰ ਸ਼ਾਇਰ ਦੀ ਕਲਮ ਆਪਣੇ ਮੁਖਾਰਬਿੰਦ ਤੋਂ ਇੰਝ ਮੁਖਤਿਬ ਹੁਮਦਿ ਹੈ :-



ਗੂੰਗੀ ਪਰਜ਼ਾ ਰਾਜੇ ਬੋਲੇ ,

ਕਿਥੋਂ ਕੋਈ ਨਿਆਂ ਨੂੰ ਟੋਹਲੇ ,

ਹੱਕ ਮੰਗਦਿਆਂ ਗੋਲੀ ਮਿਲਦੀ ,

ਰੋਟੀ ਮੰਗੀਏ ਹੂਰੇ ।

ਬਾਲਕ ਜਿੱਥੇ ਭੁੱਖ਼ੇ ਮਰਦੇ ,

ਬਿਸਕੁਟ ਖਾਣ ਕਤੂਰੇ ॥


               ਅਗਲੀਆਂ ਸਤਰਾਂ ਵਿੱਚ ਸ਼ਾਇਰ ਦੀ ਕਲਮ ਮਿਹਨਤਕਸ਼ ਲੋਕਾਂ ਨੂੰ ਸੁਚੇਤ ਰੂਪ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ ਕਰਦੀ ਹੈ :-


ਪੱਖ਼ੀ ਝੱਲ ਕੇ ਗਰਮੀ ਕੱਟ ਲੈ ,

ਅੱਗ ਸੇਕ ਕੇ ਸਰਦੀ ।

ਤੇਰੀ ਗਰਮੀ ਸਰਦੀ ਲਈ ,

ਸਰਕਾਰ ਨਹੀ ਕੁੱਝ ਕਰਦੀ ।

ਵਾਅਦੇ ਸਿਰਫ਼ ਕਿਤਾਬੀ ਗੱਲਾਂ , ਕਰਨ ਨਾ ਨੇਤਾ ਪੂਰੇ ।

ਬਾਲਕ ਜਿੱਥੇ ਭੁੱਖ਼ੇ ਮਰਦੇ , ਬਿਸਕੁਟ ਖਾਣ ਕਤੂਰੇ ॥



ਲੋਕ ਦੋਖ਼ੀ ਨਿਜ਼ਾਮ ਦੀ ਸਲਾਮਤੀ ਲਈ ਮੁੱਠੀ ਭਰ ਸ਼ਰਮਾਏਦਾਰਾਂ ਦੇ ਟੁਕੜਿਆਂ ’ਤੇ ਪਲਦੇ ਪਾਲਤੂ ਕੁੱਤੇ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਦੋਂ ਕੋਈ ਬਾਗ਼ੀ ਸੁਰ ਆਪਣੇ ਜਾਂ ਆਪਣੇ ਲੋਕਾਂ ਦੇ ਹੱਕ ਮੰਗਣ ਲਈ ਹੱਥ ਹਵਾ ’ਚ ਲਹਿਰਾਉਂਦੀ ਹੈ ਤਾਂ ਉਸਦੀ ਸੋਚ ਨੂੰ ਖੁੰਡਾ ਕਰਨ ਲਈ ਲੱਚਰ ਸਾਹਿਤ ਤੇ ਬੁਹੁਦਾ ਗੀਤ ਸੰਗੀਤ ਦੇ ਸੁਆਦ ’ਚ ਉਲਝਾ ਲਿਆ ਜਾਵੇ । ਸ਼ਾਇਰ ਨਿੱਜੀ ਤੌਰ ’ਤੇ ਇਸ ਵਰਤਾਰੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਆਪਣੇ ਅਸਲੀ ਫਰਜ਼ਾਂ ਤੋਂ ਥਿੜਕਾਉਣ ਲਈ ਹਾਕਮ ਜਮਾਤਾਂ ਕਿਵੇਂ ਊਲ ਜਲੂਲ ਢੰਗ ਨਾਲ ਟੀ.ਵੀ. ਚੈਨਲਾਂ ਜਾਂ ਹੋਰ ਸੰਚਾਰ ਸਾਧਨਾਂ ਰਾਹੀ ਘਟੀਆ ਪੱਧਰ ਦੀ ਪੇਸ਼ਕਾਰੀ ਪ੍ਰਚਾਰਕੇ ਆਪਣੇ ਮਨਸੂਬੇ ਪੂਰੇ ਕਰ ਲੈਂਦੀਆਂ ਹਨ । ਨਸ਼ੇ ਭਰਭੂਰ ਤੇ ਕਾਮ ਉਕਸਾਊ ਫਿਲਮਾਂ ਪਰੋਸ ਕੇ ਉਨ੍ਹਾਂ ਦੀ ਸੋਚ ਸਹੀ ਪਾਸੇ ਜਾਣ ਤੋਂ ਰੋਕਣ ਲਈ ਐਸ਼ੋ ਇਸ਼ਰਤ ਦੀ ਜ਼ਿੰਦਗੀ ਜਿਅੁਣ ਦੇ ਸਬਜ਼ ਬਾਗ ਵਿਖਾਏ ਜਾਂਦੇ ਹਨ । ਅਜਿਹੀਆਂ ਲੂੰਬੜ ਚਾਲਾਂ ਨਵੀਂ ਪੀੜ੍ਹੀ ਦਾ ਨੌਜਵਾਨ ਵਰਗ ਸਮਝ ਨਹੀ ਸਕਦਾ ਤੇ ਉਹ ਅਜਿਹੇ ਕੁਰਾਹੇ ਪੈ ਤੁਰਦਾ ਹੈ ਜਿਸਤੋਂ ਮੁੜਦਿਆਂ ਮੁੜਦਿਆਂ ਉਹ ਆਪਣੇ ਜੀਵਨ ਦਾ ਵਧੇਰੇ ਪੈਂਡਾ ਤਹਿ ਕਰ ਚੁੱਕਿਆ ਹੁੰਦਾ ਹੈ । ਜਦੋਂ ਤੀਕ ਉਸਨੂੰ ਸਹੀ ਫਰਜ਼ਾਂ ਦੀ ਪਹਿਚਾਣ ਕਰਨ ਦੀ ਜਾਚ ਆਉਦੀ ਹੈ ਉਦੋਂ ਤੀਕ ਉਸਦੀ ਜਵਾਨੀ ਦਾ ਜੋਸ਼ ਮੱਠਾ ਪੈ ਚੁੱਕਾ ਹੁੰਦਾ ਹੈ । ਅਜਿਹੀਆਂ ਸਥਿਤੀਆਂ ਨੂੰ ਭਾਂਪਦਿਆਂ ਸ਼ਾਇਰ ਆਪਣੇ ਪੰਜਾਬ ਦੀ ਜਵਾਨੀ ਨੂੰ ਸੁਚੇਤ ਕਰਨ ਲਈ ਆਪਣੀ ਕਲਮ ਦਾ ਇਸਤੇਮਾਲ ਕਰਦਾ ਹੈ :-


ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,

ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ ’ਚ ਰੋਹੜ ਦਿੱਤਾ ,

ਮਹਿਕ ਵਿਹੂਣਾ ,ਕਿਉਂ ਗੁਲਾਬ ਹੋਈ ਜਾਂਦਾ ਏ ।

ਬਰਬਾਦ ਰੰਗਲਾ ਪੰਜਾਬ ਹੋਈਂ ਜਾਂਦਾ ਏ ॥

-------------------------